Latest News

ਮਾਂ-ਪੁੱਤਰ ਦਾ ਰਿਸ਼ਤਾ

July 02, 2016 10:21 PM

ਮੈਂ ਆਪਣੇ ਮਾਂ-ਬਾਪ ਦੇ ਵਿਆਹ ਤੋਂ 7 ਸਾਲ ਬਾਅਦ ਪੈਦਾ ਹੋਇਆ। ਬਹੁਤ ਸੁੱਖਾਂ, ਅਰਦਾਸਾਂ ਕੀਤੀਆਂ, ਰੱਬ ਕੋਲੋਂ ਮੈਨੂੰ ਮੰਗਿਆ। ਜਦ ਮੈਂ ਪੈਦਾ ਹੋਇਆ ਤਾਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਸਭ ਦਾ ਲਾਡਲਾ ਹੋਣ ਕਰਕੇ ਮੈਨੂੰ ਬਹੁਤ ਪਿਆਰ ਮਿਲਿਆ। ਪਾਪਾ ਕੁੱਟਦੇ-ਮਾਰਦੇ ਜਦ ਵੀ ਗ਼ਲਤੀ ਕਰਦਾ, ਪਰ ਮਾਂ ਬਚਾਉਂਦੀ। ਜਦ ਵੀ ਕਲਾਸ ਵਿਚੋਂ ਵਧੀਆ ਨੰਬਰਾਂ ਨਾਲ ਪਾਸ ਹੋਣਾ ਤਾਂ ਪਾਪਾ ਨੇ ਕੋਈ ਇਨਾਮ ਦੇਣਾ ਤੇ ਮਾਂ ਨੇ ਉਸ ਨਾਲੋਂ ਅਨਮੋਲ ਆਪਣਾ ਪਿਆਰ ਦੇਣਾ। ਦਿਨ ਲੰਘਦੇ ਗਏ। ਮੈਂ ਪੜ੍ਹ ਕੇ ਅਧਿਆਪਕ ਲੱਗ ਗਿਆ। ਜਦ ਨੌਕਰੀ ਮਿਲੀ ਤਾਂ ਸਾਰੀ ਪਹਿਲੀ ਤਨਖਾਹ ਮੈਂ ਆਪਣੀ ਮਾਂ ਨੂੰ ਲਿਆ ਕੇ ਦਿੱਤੀ ਤਾਂ ਮੇਰੀ ਮਾਂ ਬਹੁਤ ਖੁਸ਼ ਹੋਈ। ਮੇਰੀ ਮਾਂ ਨੇ ਤਦ ਮੈਨੂੰ ਪਿਆਰ ਦਿੱਤਾ ਅਤੇ ਤਨਖਾਹ ਵਿਚੋਂ ਕੁਝ ਪੈਸੇ ਦਿੱਤੇ ਕਿ ਮੁਹੱਲੇ ਵਿਚ ਪਰਸ਼ਾਦ ਵੰਡ ਦੇ। ਕੁਝ ਪੈਸੇ ਮੈਨੂੰ ਦਿੱਤੇ ਕਿ ਨਵਾਂ ਮੋਬਾਈਲ ਲੈ ਲਵੀਂ। ਮੈਂ ਮਾਂ ਦੀ ਖੁਸ਼ੀ ਦੇਖ ਕੇ ਬਹੁਤ ਖੁਸ਼ ਹੋਇਆ।
ਫਿਰ ਮਾਂ ਨੇ ਕਿਹਾ ਕਿ ਪੁੱਤ ਤੂੰ ਹੁਣ ਵਿਆਹ ਕਰਵਾ ਲੈ। ਮੈਂ ਕਿਹਾ ਠੀਕ। ਕੁੜੀ ਦੇਖੀ ਅਧਿਆਪਕ ਲੱਗੀ ਸੀ। ਮੈਂ ਹਾਂ ਕਰ ਦਿੱਤੀ। ਮਾਂ ਨੇ ਸਾਰੇ ਚਾਅ ਪੂਰੇ ਕੀਤੇ ਅਤੇ ਘਰ ਵਿਚ ਖੁਸ਼ੀਆਂ ਆ ਗਈਆਂ। ਅਸੀਂ ਸਾਰੇ ਬਹੁਤ ਖੁਸ਼ ਸੀ ਕਿ ਮਾਂ-ਬਾਪ ਦੀ ਹੁਣ ਸੇਵਾ ਹੋਇਆ ਕਰੇਗੀ। ਪਰ ਮੇਰੀ ਪਤਨੀ ਤਾਂ ਮਾਂ ਦੇ ਕੋਲ ਬੈਠਦੀ ਵੀ ਨਹੀਂ ਸੀ ਕਿਉਂਕਿ ਪਤਨੀ ਮੇਰੀ ਮਾਡਰਨ ਖਿਆਲਾਂ ਦੀ ਸੀ। ਉਸ ਨੂੰ ਮੇਰੀ ਮਾਂ ਦੇ ਬਿਸਤਰੇ ਅਤੇ ਕੱਪੜਿਆਂ ਵਿਚੋਂ ਬੂ ਆਉਂਦੀ ਸੀ। ਪਤਨੀ ਦਾ ਅਕਸਰ ਮੇਰੇ ਨਾਲ ਮਾਂ ਕਰਕੇ ਕਲੇਸ਼ ਰਹਿੰਦਾ ਸੀ। ਮਾਂ ਨੂੰ ਇਸ ਗੱਲ ਦਾ ਪਤਾ ਸੀ। ਇਕ ਦਿਨ ਮਾਂ ਨੂੰ ਸਾਹ ਦੀ ਸ਼ਿਕਾਇਤ ਹੋ ਗਈ। ਮੈਂ ਵੱਡੇ ਹਸਪਤਾਲ ਚੈੱਕ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਹਾਰਟ ਫੇਲ੍ਹ ਹੋ ਰਿਹਾ ਹੈ। ਇਨ੍ਹਾਂ ਨੂੰ ਸਮੇਂ ਸਿਰ ਦਵਾਈ ਦਿਓ ਅਤੇ ਕੋਈ ਵੀ ਫਿਕਰ ਵਾਲੀ ਗੱਲ ਇਨ੍ਹਾਂ ਸਾਹਮਣੇ ਨਾ ਕਰਨਾ। ਮੈਂ ਦਵਾਈ ਲਈ ਅਤੇ ਘਰ ਆ ਗਏ। ਪਰ ਮੇਰੀ ਪਤਨੀ ਦਾ ਵਿਹਾਰ ਉਹੀ ਰਿਹਾ। ਮੇਰੀ ਮਾਂ ਮੈਨੂੰ ਸਮਝਾਉਂਦੀ ਕਿ ਪੁੱਤਰ ਮੇਰੇ ਕਰਕੇ ਲੜਾਈ ਨਾ ਕਰਿਆ ਕਰ। ਜਦ ਮੈਂ ਡਿਊਟੀ 'ਤੇ ਜਾਂਦਾ ਤਾਂ ਆਂਢ-ਗੁਆਂਢ ਦੱਸਦੇ ਕਿ ਮਾਂ ਇਕੱਲੀ ਬਹੁਤ ਰੋਂਦੀ ਤੇ ਆਪਣੀ ਬਿਮਾਰੀ ਤੋਂ ਬੇਫਿਕਰ ਆਪਣੇ ਪੁੱਤਰ ਦੀ ਜ਼ਿੰਦਗੀ ਖਰਾਬ ਹੋ ਰਹੀ ਦੇਖ ਕੇ ਬਹੁਤ ਫਿਕਰ ਕਰਦੀ। ਇਕ ਦਿਨ ਰਾਤ ਨੂੰ ਮੈਂ ਸੌਂ ਰਿਹਾ ਸੀ ਤਾਂ ਮੇਰੇ ਡੈਡੀ ਨੇ ਆਵਾਜ਼ ਮਾਰੀ ਕਿ ਮਾਤਾ ਦਾ ਸਾਹ ਬਹੁਤ ਔਖਾ ਹੈ। ਮੈਂ ਦੇਖਿਆ ਤਾਂ ਹਾਲਤ ਬਹੁਤ ਨਾਜ਼ੁਕ ਸੀ। ਮੈਂ ਐਂਬੂਲੈਂਸ ਨੂੰ ਫੋਨ ਕੀਤਾ। ਮੇਰੀ ਮਾਂ ਨੂੰ ਮੌਤ ਦਾ ਡਰ ਨਹੀਂ ਸੀ, ਮੇਰਾ ਹੀ ਫਿਕਰ ਸੀ। ਮੇਰੀ ਮਾਂ ਨੇ ਮੇਰੀ ਪਤਨੀ ਨੂੰ ਜੱਫੀ ਪਾ ਲਈ ਅਤੇ ਕਹਿਣ ਲੱਗੇ ਕਿ ਪੁੱਤਰ ਮੈਂ ਨਹੀਂ ਬਚਣਾ, ਮੇਰੀ ਮੌਤ ਨੇੜੇ ਆ ਗਈ ਹੈ ਪਰ ਤੂੰ ਆਪਣੇ ਡੈਡੀ ਤੇ ਮੇਰੇ ਪੁੱਤਰ ਦਾ ਧਿਆਨ ਰੱਖੀਂ। ਮੇਰੇ ਪੁੱਤਰ ਨਾਲ ਹੁਣ ਕਦੀ ਲੜਾਈ ਨਾ ਕਰੀਂ। ਐਂਬੂਲੈਂਸ ਆਈ, ਮਾਂ ਹਸਪਤਾਲ ਪਹੁੰਚੀ ਤਾਂ ਮੇਰੀ ਮਾਂ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਕਿਹਾ ਖੁਸ਼ ਰਹਿਣਾ ਤੇ ਹੁਣ ਲੜਾਈ ਨਾ ਕਰਨਾ ਆਪਸ ਵਿਚ ਕਿਉਂਕਿ ਤੁਹਾਡੀ ਲੜਾਈ ਦਾ ਹੁਣ ਕੋਈ ਕਾਰਨ ਨਹੀਂ ਰਹਿਣਾ। ਇਹ ਕਹਿ ਕੇ ਮਾਂ ਪੂਰੀ ਹੋ ਗਈ। ਮੈਂ ਬਹੁਤ ਰੋਇਆ ਕਿ ਮਾਂ ਨੂੰ ਸਾਰੀ ਜ਼ਿੰਦਗੀ ਮੇਰੀ ਪ੍ਰਵਾਹ ਰਹੀ ਅਤੇ ਮੌਤ ਤੋਂ ਸਾਰੀ ਦੁਨੀਆ ਡਰਦੀ ਪਰ ਮੇਰੀ ਮਾਂ ਨੂੰ ਆਪਣੀ ਮੌਤ ਨਾਲੋਂ ਆਪਣੇ ਪੁੱਤਰ ਦਾ ਜ਼ਿਆਦਾ ਫ਼ਿਕਰ ਸੀ। 

by - dr. Gurpreet Singh prince

99885-54873

Have something to say? Post your comment

Share DAP FM on  
php and html code counter Total Visitors