Latest News

ਸੇਵਾ ਦੇ ਪੁੰਜ ਭਾਈ ਘਨ੍ਹੱਈਆ ਜੀ

May 06, 2015 10:16 PM
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਘਨ੍ਹੱਈਆ ਰਾਮ ਜੀ 1702-1704 ਈ. ਦੌਰਾਨ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਬਰ-ਜ਼ੁਲਮ ਦੇ ਖਾਤਮੇ ਅਤੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਹੋ ਰਹੇ ਧਰਮ ਯੁੱਧ ਵਿਚ ਚਮੜੇ ਦੀ ਮਸ਼ਕ ਪਾਣੀ ਦੀ ਭਰ ਕੇ ਲੜਾਈ 'ਚ ਚਲਦੀਆਂ ਤੋਪਾਂ 'ਚ, ਗੋਲੀਆਂ ਦੇ ਵਰ੍ਹਦੇ ਮੀਂਹ 'ਚ, ਤੀਰਾਂ ਦੀ ਵਾਛੜ ਵਿਚ, ਜਿਥੇ ਕੋਈ ਪਾਣੀ ਮੰਗਦਾ, ਪਹੁੰਚ ਕੇ ਪਾਣੀ ਪਿਲਾਉਂਦਾ ਹੈ। ਉਹ ਜ਼ਖ਼ਮੀ ਹੋਏ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਮੁੜ ਜੀਵਤ ਕਰ ਰਿਹਾ ਹੈ।   ਕੁਝ ਸਿੰਘਾਂ ਨੇ ਭਾਈ ਘਨੱ੍ਹਈਆ ਜੀ ਨੂੰ ਰੋਕਿਆ ਤੇ ਕਿਹਾ ਕਿ ਇਹ ਗੁਰੂ ਜੀ ਦੇ ਦੁਸ਼ਮਣ ਹਨ, ਤੁਸੀਂ ਇਨ੍ਹਾਂ ਨੂੰ ਜਲ ਨਾ ਛਕਾਓ। ਭਾਈ ਘਨ੍ਹੱਈਆ ਜੀ ਨੇ ਗੱਲ ਸੁਣੀ-ਅਣਸੁਣੀ ਕਰ ਦਿੱਤੀ। ਬਿਨਾਂ ਵਿਤਕਰੇ ਦੇ ਜਲ ਛਕਾਉਂਦੇ, ਸੇਵਾ ਕਮਾਉਂਦੇ ਰਹੇ। ਕੀ ਇਹ ਦੁਸ਼ਮਣ ਦੇ ਸੈਨਿਕਾਂ ਨਾਲ ਰਲਿਆ ਹੋਇਆ ਹੈ। ਇਹ ਕਹਿ ਕੇ ਕੁਝ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਅਸੀਂ ਤਾਂ ਮੈਦਾਨੇ-ਜੰਗ 'ਚ ਦੁਸ਼ਮਣ ਨੂੰ ਮੁਸ਼ਕਿਲ ਨਾਲ ਡੇਗਦੇ ਹਾਂ ਪਰ ਇਕ ਮਾਸ਼ਕੀ ਸਿੱਖ ਉਨ੍ਹਾਂ ਨੂੰ ਪਾਣੀ ਪਿਲਾ ਕੇ ਜੀਵਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹੱਈਆ ਰਾਮ ਜੀ ਨੂੰ ਸੱਦ ਲਿਆ।  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਉਤਸੁਕਤਾ ਨਾਲ ਪੁੱਛਿਆ, ''ਭਾਈ ਘਨੱ੍ਹਈਆ, ਸਾਰੇ ਸਿੰਘ ਸ਼ਿਕਾਇਤ ਕਰਦੇ ਹਨ ਕਿ ਤੂੰ ਵੈਰੀਆਂ ਨੂੰ ਪਾਣੀ ਪਿਲਾ ਕੇ ਮੁੜ ਜੀਵਤ ਕਰ ਦਿੰਦਾ ਹੈਂ।'' ਭਾਈ ਘਨ੍ਹੱਈਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਤੇ ਡਿੱਗ ਪਿਆ ਤੇ ਆਖਿਆ, ''ਸੱਚੇ ਪਾਤਸ਼ਾਹ! ਮੈਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ।'' ਗੁਰੂ ਜੀ ਨੇ ਕਿਹਾ, ''ਹੋਰ ਕਿਸ ਨੂੰ ਪਾਣੀ ਪਿਲਾਉਂਦਾ ਹੈਂ? ਕੀ ਤੁਸੀਂ ਤੁਰਕ, ਪਹਾੜੀਏ ਨੂੰ ਪਾਣੀ ਨਹੀਂ ਪਿਲਾਇਆ।'' ਭਾਈ ਘਨੱ੍ਹਈਆ ਜੀ ਦਾ ਜਵਾਬ ਨਾਂਹ 'ਚ ਸੀ। ਜਵਾਬ ਸੁਣ ਕੇ ਸੰਗਤਾਂ ਹੈਰਾਨ ਹੋ ਰਹੀਆਂ ਸਨ। ਗੁਰੂ ਜੀ ਕਹਿਣ ਲੱਗੇ, ਜੇ ਤੁਸੀਂ ਤੁਰਕ ਪਹਾੜੀਏ, ਸਿੱਖ, ਮੁਸਲਮਾਨ ਨੂੰ ਪਾਣੀ ਨਹੀਂ ਪਿਲਾਇਆ, ਤਾਂ ਫਿਰ ਕਿਸ ਨੂੰ ਪਿਲਾਉਂਦੇ ਹੋ?'' 

ਭਾਈ ਘਨ੍ਹੱਈਆ ਕਹਿਣ ਲੱਗਾ, ''ਮੈਨੂੰ ਤਾਂ ਹਰ ਇਕ ਵਿਚ ਆਪ ਜੀ ਦਾ ਹੀ ਰੂਪ ਦਿਖਾਈ ਦਿੰਦਾ ਹੈ, ਮੈਨੂੰ ਤਾਂ ਦੂਸਰਾ ਕੋਈ ਨਜ਼ਰ ਹੀ ਨਹੀਂ ਆਉਂਦਾ।'' ਭਾਈ ਘਨ੍ਹੱਈਆ ਜੀ ਦੇ ਬਚਨ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਤੇ ਕਿਹਾ, ਤੇਰੀ ਕਮਾਈ ਧੰਨ ਹੈ, ਤੁਸੀਂ ਸਿੱਖੀ ਨੂੰ ਸਮਝਿਆ ਹੈ।
ਭਾਈ ਘਨ੍ਹੱਈਆ ਜੀ ਨੂੰ ਦੁਬਾਰਾ ਜੰਗ ਦੇ ਮੈਦਾਨ 'ਚ ਭੇਜਦਿਆਂ ਗੁਰੂ ਜੀ ਨੇ ਉਨ੍ਹਾਂ ਦੇ ਹੱਥ ਮੱਲ੍ਹਮ-ਪੱਟੀ ਦਾ ਡੱਬਾ ਫੜਾ ਕੇ ਕਿਹਾ ਕਿ ਜਿਥੇ ਤੁਸੀਂ ਪਿਆਸਿਆਂ ਨੂੰ ਜਲ ਛਕਾ ਕੇ ਉਨ੍ਹਾਂ ਦੀ ਪਿਆਸ ਦੂਰ ਕਰਦੇ ਹੋ, ਹੁਣ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ-ਪੱਟੀ ਕਰਕੇ ਉਨ੍ਹਾਂ ਦਾ ਦਰਦ ਵੀ ਦੂਰ ਕਰਿਆ ਕਰੋ।  ਭਾਈ ਘਨੱ੍ਹਈਆ ਰਾਮ ਜੀ ਤੋਂ ਉਤਸ਼ਾਹਿਤ ਹੋ ਕੇ ਕਈ ਹੋਰ ਸਿੱਖ ਵੀ ਮੈਦਾਨੇ ਜੰਗ 'ਚ ਜਲ ਦੀ ਸੇਵਾ ਤੇ ਮੱਲ੍ਹਮ-ਪੱਟੀ ਕਰਦੇ। ਭਾਈ ਘਨੱ੍ਹਈਆ ਰਾਮ ਜੀ ਵਲੋਂ ਜੰਗੇ-ਮੈਦਾਨ 'ਚ ਕੀਤੀ ਸੇਵਾ ਦਾ ਸੰਕਲਪ ਹੀ ਰੈੱਡ ਕਰਾਸ ਦੀ ਰੂਹ ਬਣਿਆ। 
ਭਾਈ ਘਨ੍ਹੱਈਆ ਰਾਮ ਜੀ ਦੀ ਜਨਮ ਤਾਰੀਖ ਦਾ ਪਤਾ ਨਾ ਹੋਣ ਕਰਕੇ ਰੈੱਡ ਕਰਾਸ ਦੇ ਸੰਕਲਪ ਨੂੰ ਜੇਨੇਵਾ ਸ਼ਹਿਰ ਦੇ ਹੈਨਰੀ ਡਿਊਨਾ ਦੇ ਜਨਮ ਦਿਨ 8 ਮਈ ਨਾਲ ਜੋੜਿਆ ਗਿਆ ਹੈ। 24 ਜੂਨ 1859 ਈ. ਨੂੰ ਇਟਲੀ ਤੇ ਆਸਟਰੀਆ ਦੇ ਦੇਸ਼ਾਂ 'ਚ ਸਲਫਰੀਨੋ ਨਾਂ ਵਾਲੀ ਥਾਂ 'ਤੇ ਜੰਗ ਹੋ ਰਹੀ ਸੀ। ਜੰਗ ਦੇ ਮੈਦਾਨ 'ਚ ਦੋਵਾਂ ਪਾਸਿਆਂ ਤੋਂ ਹਜ਼ਾਰਾਂ ਸਿਪਾਹੀ ਜ਼ਖ਼ਮੀ ਹੋ ਗਏ ਸਨ, ਜੋ ਚੱਲ-ਫਿਰ ਨਹੀਂ ਸਨ ਸਕਦੇ। ਹੈਨਰੀ ਡਿਊਨਾ ਨੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਫੱਟੜ ਸੈਨਿਕਾਂ ਨੂੰ ਨੇੜੇ ਦੇ ਹਸਪਤਾਲਾਂ, ਸਕੂਲਾਂ ਤੇ ਗਿਰਜਾਘਰਾਂ 'ਚ ਰੱਖ ਕੇ ਉਨ੍ਹਾਂ ਦੀ ਕਾਫੀ ਸਮਾਂ ਸੇਵਾ-ਸੰਭਾਲ ਕੀਤੀ। ਕੁਝ ਲੇਖਕਾਂ, ਵਿਦਵਾਨਾਂ ਦਾ ਕਹਿਣਾ ਹੈ ਕਿ ਰੈੱਡ ਕਰਾਸ ਦਾ ਬਾਨੀ ਹੈਨਰੀ ਡਿਊਨਾ ਹੈ, ਜਦਕਿ ਸੇਵਾ ਦੇ ਪੁੰਜ ਭਾਈ ਘਨੱ੍ਹਈਆ ਜੀ ਨੇ 155 ਸਾਲ ਪਹਿਲਾਂ 1704 ਈ. 'ਚ ਹੀ ਰੈੱਡ ਕਰਾਸ ਦਾ ਨੀਂਹ ਪੱਥਰ ਰੱਖ ਦਿੱਤਾ ਸੀ।  

ਕਰਨੈਲ ਸਿੰਘ, ਐੱਮ. ਏ. 

Have something to say? Post your comment

Share DAP FM on  
php and html code counter Total Visitors